ਚੰਡੀਗੜ੍ਹ/ਗੁਰਕਿਰਪਾ ਬਿਊਰੋ/ 16/ ਅਪ੍ਰੈਲ /2025
ਬੇਸਹਾਰਾ, ਲਾਚਾਰ ਤੇ ਲਾਵਾਰਸ ਨਾਗਰਿਕਾਂ ਨੂੰ ਮੁੜ ਮੁੱਖ-ਧਾਰਾ ਵਿੱਚ ਸ਼ਾਮਲ ਕਰਨ ਲਈ ਪ੍ਰਸਿੱਧ ਸੰਸਥਾ ਪ੍ਰਭ ਆਸਰਾ (ਕੁਰਾਲ਼ੀ) ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ। ਹਾਲ ਹੀ ਵਿੱਚ 11 ਤੋਂ 14 ਅਪ੍ਰੈਲ ਤੱਕ ਦਿੱਲੀ ਦੇ ਕਾਮਨਵੈਲਥ ਸਟੇਡੀਅਮ ਵਿਖੇ ਹੋਈਆਂ ‘ਨੈਸ਼ਨਲ ਖੇਲੋ ਮਾਸਟਰ ਗੇਮਜ਼: 2025’ ਵਿੱਚ ਇੱਥੋਂ ਦੇ ਅਲੱਗ ਤੋਂ ਖ਼ਾਸ (Specially Abled) ਖਿਡਾਰੀਆਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜਿਸ ਬਾਰੇ ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਉਕਤ ਖੇਡ ਸਮਾਗਮ ਵਿੱਚ ਸੰਸਥਾ ਦੇ 07 ਖਿਡਾਰੀਆਂ ਦੀ ‘ਅਥਲੈਟਿਕਸ ਟੀਮ’ ਨੇ ਆਪਣੇ ਕੋਚ ਰੋਮੀ ਘੜਾਮਾਂ ਦੀ ਅਗਵਾਈ ਵਿੱਚ ਹਿੱਸਾ ਲਿਆ। ਇਹਨਾਂ ਵਿੱਚੋਂ ਰਾਮੋ ਦੇਵੀ ਨੇ 1500 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ, 800 ਮੀਟਰ ‘ਚ ਚਾਂਦੀ ਅਤੇ ਲੰਮੀ-ਛਾਲ਼ ਵਿੱਚ ਕਾਂਸੇ ਦਾ ਤਮਗਾ ਜਿੱਤਿਆ। ਪੂਜਾ ਨੇ ਗੋਲ਼ਾ-ਸੁੱਟਣ, ਨੇਜੇਬਾਜੀ ਅਤੇ ਪਾਥੀ-ਸੁੱਟਣ ਵਿੱਚ ਕਾਂਸੇ ਦੇ ਤਮਗੇ ਹਾਸਲ ਕੀਤੇ। ਨਵਜੋਤ ਕੌਰ ਨੇ 200 ਮੀਟਰ ਦੌੜ ਅਤੇ ਕਮਲ ਨੇ ਨੇਜੇਬਾਜੀ ਵਿੱਚ ਕਾਂਸੇ ਦੇ ਤਮਗੇ ਆਪੋ-ਆਪਣੇ ਨਾਮ ਕੀਤੇ। ਜਿਕਰਯੋਗ ਹੈ ਪ੍ਰਭ ਆਸਰਾ ਵੱਲੋਂ ਆਪਣੇ ਨਾਗਰਿਕਾਂ ਦੇ ਇਲਾਜ ਅਤੇ ਸਾਂਭ-ਸੰਭਾਲ਼ ਦੇ ਨਾਲ਼-ਨਾਲ਼ ਇਹਨਾਂ ਦੇ ਮੁੜ-ਵਸੇਬੇ ਲਈ ਵੀ ਖੇਡਾਂ, ਚਿੱਤਰਕਲਾ, ਗਾਇਨ, ਭੰਗੜਾ, ਗਿੱਧਾ, ਕਿੱਤਾ-ਮੁਖੀ ਸਿਖਲਾਈਆਂ ਆਦਿ ਜਿਹੇ ਅਹਿਮ ਉਪਰਾਲੇ ਕੀਤੇ ਜਾਂਦੇ ਹਨ।