ਨਿਊ ਚੰਡੀਗੜ੍ਹ 24 ਅਪ੍ਰੈਲ (ਬਜੀਦਪੁਰ)

ਮੋਹਾਲੀ ਜ਼ਿਲੇ ਦੇ ਸ਼ਹਿਰ ਕੁਰਾਲੀ ਨੇੜਲੇ ਪਿੰਡ ਬੜੌਦੀ, ਨੱਗਲ ਅਤੇ ਗੁਨੋ ਮਾਜਰਾ ਦੇ ਕਿਸਾਨਾਂ ਦੀ ਅੱਗ ਨਾਲ 20 ਏਕੜ ਦੇ ਕਰੀਬ ਕਣਕ ਦੀ ਫ਼ਸਲ ਅਤੇ ਤੂੜੀ ਦਾ ਨਾੜ ਸੜਕੇ ਸਵਾਹ ਹੋ ਗਿਆ। ਕਿਸਾਨਾਂ ਅਨੁਸਾਰ ਇਹ ਅੱਗ ਮੁੰਧੋਂ ਸੰਗਤੀਆਂ ਵੱਲ ਬਿਜਲੀ ਤਾਰਾਂ ਤੋਂ ਹੋਏ ਸ਼ਾਟ ਸਰਕਟ ਕਾਰਨ ਲੱਗੀ ਹੈ। ਇਸ ਸਬੰਧੀ ਕੁਲਦੀਪ ਸਿੰਘ ਬੜੌਦੀ, ਪਾਲ ਸਿੰਘ ਬੜੌਦੀ, ਅਵਤਾਰ ਸਿੰਘ ਬੜੌਦੀ, ਸੁਰਿੰਦਰ ਸਿੰਘ ਨੱਗਲ ਗੜ੍ਹੀਆਂ, ਕੁਲਵੰਤ ਸਿੰਘ ਨੱਗਲ ਨੇ ਦੱਸਿਆ ਕਿ ਬਿਜਲੀ ਤਾਰਾਂ ਤੋਂ ਸ਼ਾਟ ਸਰਕਟ ਹੋਣ ਨਾਲ ਪਿੰਡ ਮੁੰਧੋਂ ਵੱਲੋਂ ਅੱਗ ਫ਼ਸਲ ਨੂੰ ਸਾੜਦੀ ਹੋਈ ਸਾਡੇ ਸਾਡੇ ਪਿੰਡਾਂ ਵੱਲ ਆਈ। ਜਿਸ ਨਾਲ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦੀ ਕ੍ਰਮਵਾਰ 4- 5 ਤੇ 6 ਏਕੜ ਕਣਕ ਦੀ ਫ਼ਸਲ ਅਤੇ ਨਾੜ ਸਮੇਤ 20 ਕਿੱਲੇ ਫ਼ਸਲ ਦਾ ਨੁਕਸਾਨ ਹੋ ਗਿਆ। ਇਨ੍ਹਾਂ ਕਿਹਾ ਕਿ ਫਾਇਰ ਬਿਗ੍ਰੇਡ ਮੌਕੇ ਤੇ ਪੁੱਜਣ ਨਾਲ ਹੋਰ ਅੱਗੇ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਮੌਕੇ ਪੁਲਿਸ ਦੇ ਡੀ ਐਸ ਪੀ ਰੋਹਿਤ ਅਗਰਵਾਲ, ਐਸ ਐਚ ਓ ਕੁਰਾਲੀ ਤੇ ਥਾਣਾ ਮਾਜਰੀ ਸਮੇਤ ਮਾਲ ਵਿਭਾਗ ਵੱਲੋਂ ਕੰਨਗੋ ਤੇ ਪਟਵਾਰੀ ਆਦਿ ਹੋਰ ਅਧਿਕਾਰੀ ਵੀ ਮੌਕੇ ਤੇ ਪੁੱਜ ਗਏ ਸਨ। ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੇ ਆਗੂ ਸੁੱਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਤੇ ਗੁਰਸ਼ਰਨ ਸਿੰਘ ਨੱਗਲ ਨੇ ਸਰਕਾਰ ਤੋਂ ਇਨ੍ਹਾਂ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਹਾੜੀ ਦੌਰਾਨ ਢਿੱਲੀਆਂ ਬਿਜਲੀ ਤਾਰਾਂ ਦੀ ਮੁਰੰਮਤ ਨਾ ਕਰਨ ਅਤੇ ਦੁਪਹਿਰ ਸਮੇਂ ਲਾਈਟ ਨਾ ਕੱਟਣ ਕਾਰਨ ਇਹ ਨੁਕਸਾਨ ਹੁੰਦਾ ਹੈ। ਇਸ ਲਈ ਬਿਜਲੀ ਵਿਭਾਗ ਇਸ ਨੁਕਸਾਨ ਦਾ ਜਿੰਮੇਵਾਰ ਹੈ।

ਸ਼ੇਅਰ