ਕੁਰਾਲੀ 11 ਅਪ੍ਰੈਲ (ਜਗਦੇਵ ਸਿੰਘ)
ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਸ. ਰਣਜੀਤ ਸਿੰਘ ਜੀਤੀ ਪਡਿਆਲਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਸਖ਼ਤ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਸੂਬੇ ਵਿੱਚ ਕਤਲ, ਫ਼ਿਰੌਤੀ, ਗੈਂਗਵਾਰ ਅਤੇ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਰਕਾਰ ਦੀ ਨੀਤੀ ਕਮਜ਼ੋਰ ਹੋਣ ਕਾਰਨ ਅੱਜ ਪੰਜਾਬ ਵਿੱਚ ਨਾ ਤਾ ਆਮ ਆਦਮੀ ਸੁਰੱਖਿਅਤ ਹੈ, ਨਾ ਹੀ ਪੁਲਿਸ ਅਤੇ ਕਾਨੂੰਨ-ਵਿਵਸਥਾ ਨਾਲ ਜੁੜੇ ਹੋਏ ਅਧਿਕਾਰੀ।
ਸ. ਜੀਤੀ ਪਡਿਆਲਾ ਨੇ ਕਿਹਾ ਕਿ ਸੂਬੇ ਵਿੱਚ ਹਰ ਦਿਨ ਕਿਸੇ ਨਾ ਕਿਸੇ ਜਗ੍ਹਾ ਤੋਂ ਗੈਂਗਸਟਰ ਗਤੀਵਿਧੀਆਂ, ਫਿਰੌਤੀ ਦੀ ਮੰਗ ਅਤੇ ਨਿਰਦੋਸ਼ ਲੋਕਾਂ ਦੇ ਕਤਲ ਦੀਆਂ ਖ਼ਬਰਾਂ ਆ ਰਹੀਆਂ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਹੁਣ ਇਹ ਅਪਰਾਧ ਪੁਲਿਸ ਤੱਕ ਵੀ ਸਿਮਟ ਨਹੀਂ ਰਹੇ, ਸਿੱਧੇ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਸੂਬੇ ਦੀ ਕਾਨੂੰਨ ਵਿਵਸਥਾ ਦੀ ਨਾਕਾਮੀ ਨੂੰ ਸਾਫ਼ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਛੋਟੀ ਛੋਟੀ ਗੱਲ ‘ਤੇ ਵੱਡੇ-ਵੱਡੇ ਵਿਗਿਆਪਨ ਛਾਪਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਅਪਰਾਧ ਨੂੰ ਨਕੇਲ ਪਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਹੋਈ ਹੈ। ਦਾਅਵਾ ਤਾਂ ਸ਼ਾਂਤੀ ਅਤੇ ਸੁਰੱਖਿਆ ਦੇ ਕੀਤੇ ਗਏ ਸਨ, ਪਰ ਹਕੀਕਤ ਵਿੱਚ ਆਮ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ।
ਸ. ਜੀਤੀ ਪਡਿਆਲਾ ਨੇ ਆਗਾਹ ਕੀਤਾ ਕਿ ਜੇਕਰ ਸਰਕਾਰ ਨੇ ਤੁਰੰਤ ਸਖ਼ਤ ਕਦਮ ਨਾ ਚੁੱਕੇ, ਤਾਂ ਸੂਬੇ ਦੀ ਅੰਦਰੂਨੀ ਸ਼ਾਂਤੀ, ਵਿਅਪਾਰਕ ਮਾਹੌਲ ਅਤੇ ਨੌਜਵਾਨਾਂ ਦੇ ਭਵਿੱਖ ਉੱਤੇ ਭਾਰੀ ਸੰਕਟ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ‘ਤੇ ਕੰਟਰੋਲ ਨਾ ਹੋਣਾ ਸਿੱਧਾ ਇਸ ਗੱਲ ਦਾ ਇਸ਼ਾਰਾ ਹੈ ਕਿ ਸਰਕਾਰ ਦਾ ਧਿਆਨ ਲੋਕਾਂ ਦੀ ਭਲਾਈ ਦੀ ਥਾਂ ਸਿਰਫ਼ ਸੋਸ਼ਲ ਮੀਡੀਆ ਅਤੇ ਪ੍ਰਚਾਰ ਤੇ ਕੇਂਦਰਿਤ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਅਵਾਜ਼ ਬਣ ਕੇ ਹਰ ਪੱਧਰ ‘ਤੇ ਇਹ ਮਾਮਲਾ ਉਠਾਏਗੀ ਅਤੇ ਜਨਤਾ ਦੀ ਸੁਰੱਖਿਆ ਅਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖੇਗੀ।