ਚੰਡੀਗੜ੍ਹ/ਗੁਰਕਿਰਪਾ ਬਿਊਰੋ/ 15/ ਅਪ੍ਰੈਲ /2025
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਉਂਗਲ ਚੱਕਣ ਤੋਂ ਪਹਿਲਾਂ ਅਕਾਲੀ ਦਲ ਆਪਣੇ ਗਿਰੇਬਾਨ ਵਿੱਚ ਝਾਕੇ। ਅਕਾਲੀ ਦਲ ਵੱਲੋਂ ਅਕਾਲ ਤਖਤ ਸਾਹਿਬ ਦੀ ਉੱਚੀ ਮਾਨਤਾ ਨੂੰ ਚੁਣੌਤੀ ਦੇਣ ਦੀਆਂ ਕਾਰਵਾਈਆਂ ਦੀ ਸਖਤ ਨਿੰਦਾ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਹੈ ਕਿ ਉਹਨਾਂ ਦੀਆਂ ਇਹਨਾਂ ਬੱਜਰ ਗਲਤੀਆਂ ਨਾਲ ਹਰੇਕ ਪੰਜਾਬੀ ਦੇ ਮਨ ਨੂੰ ਠੇਸ ਲੱਗੀ ਹੈ।
ਅੱਜ ਇਥੋਂ ਜਾਰੀ ਬਿਆਨ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਬੀਤੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜੋ ਹੋਇਆ ਉਹ ਪੰਥ ਦੀਆਂ ਸਿਰਮੌਰ ਸੰਸਥਾਵਾਂ ਦੀ ਮਰਿਆਦਾ ਨੂੰ ਢਾਹ ਲਾਉਣ ਵਾਲਾ ਹੈ ਜਦ ਕਿ ਅਕਾਲੀ ਦਲ ਦੇ ਆਗੂ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਭਾਰਤੀ ਜਨਤਾ ਪਾਰਟੀ ਤੇ ਬੇਬੁਨਿਆਦ ਦੋਸ਼ ਲਾ ਰਹੇ ਹਨ।
ਸੁਨੀਲ ਜਾਖੜ ਨੇ ਆਖਿਆ ਕਿ ਹਾਲੇ ਤੱਕ ਤਾਂ ਇਹਨਾਂ ਨੇ ਆਪਣੇ ਪਿਛਲੇ ਗੁਨਾਹਾਂ ਤੋਂ ਮੁਕਤੀ ਵੀ ਨਹੀਂ ਪਾਈ ਸੀ ਕਿ ਹੋਰ ਗੁਨਾਹ ਕਰਨ ਲੱਗ ਪਏ । ਉਹਨਾਂ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਹਨਾਂ ਦਾ ਫਕਰ ਏ ਕੌਮ ਦਾ ਖਿਤਾਬ ਵਾਪਸ ਲੈਣ ਦੇ ਬਾਬਤ ਅਕਾਲ ਤਖਤ ਸਾਹਿਬ ਤੇ ਬੇਨਤੀ ਤਾਂ ਕੀਤੀ ਜਾ ਸਕਦੀ ਸੀ ਕਿ ਇਸ ਫੈਸਲੇ ਨੂੰ ਮੁੜ ਵਿਚਾਰਿਆ ਜਾਵੇ ਪਰ ਇਹਨਾਂ ਨੇ ਤਾਂ ਉਸ ਫੈਸਲੇ ਦੇ ਖਿਲਾਫ ਮਤਾ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੁਨੌਤੀ ਦੇਣ ਦਾ ਬੱਜਰ ਗੁਣਾਹ ਕੀਤਾ ਹੈ।
ਸੁਨੀਲ ਜਾਖੜ ਨੇ ਹੋਰ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਏ ਜਾਂਦੇ, ਇਹ ਤਾਂ ਸਵੀਕਾਰ ਸੀ ਪਰ ਉੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਛਤਰ ਛਾਇਆ ਹੇਠ ਕਿਸੇ ਲੀਡਰ ਦਾ ਜੈ ਜੈਕਾਰ ਕਰਵਾਉਣਾ ਇਨ੍ਹਾਂ ਦੇ ਹੰਕਾਰ ਦਾ ਪ੍ਰਗਟਾਵਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਪੰਥਕ ਹਿੱਤਾਂ ਲਈ ਬਣੀ ਪਾਰਟੀ ਸੀ ਪਰ ਅੱਜ ਇਸ ਦੇ ਆਗੂਆਂ ਨੇ ਆਪਣੇ ਸੌੜੇ ਨੀਜੀ ਹਿੱਤਾਂ ਲਈ ਇਸ ਪਾਰਟੀ ਨੂੰ ਕੁਰਬਾਨ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਅੱਜ ਪੰਜਾਬ ਬਹੁਤ ਹੀ ਸੰਵੇਦਨਸ਼ੀਲ ਸਥਿਤੀ ਵਿੱਚ ਹੈ ਅਤੇ ਲੋਕ ਮੁੱਦਿਆਂ ਅਤੇ ਪੰਜਾਬ ਦੀ ਗੱਲ ਕਰਨ ਦੀ ਬਜਾਏ ਇਹ ਆਗੂ ਵਿਅਕਤੀ ਵਿਸ਼ੇਸ਼ ਦੀ ਸੱਤਾ ਲਿਆਉਣ ਦੀ ਗੱਲ ਕਰ ਰਹੇ ਹਨ ਪਰ ਲੋਕ ਮਸਲਿਆਂ ਤੇ ਚੁੱਪ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਗੁਰੂ ਮਹਾਰਾਜ ਬਖਸ਼ਣਹਾਰ ਹਨ, ਚੰਗਾ ਹੁੰਦਾ ਜੇਕਰ ਅਕਾਲੀ ਆਗੂ ਪੁਰਾਣੀਆਂ ਗਲਤੀਆਂ ਵਿੱਚ ਸੁਧਾਰ ਕਰਦੇ ਪਰ ਬੀਤੇ ਦਿਨ ਦੀਆਂ ਕਾਰਵਾਈਆਂ ਨੇ ਉਹਨਾਂ ਦਾ ਚਿਹਰਾ ਇੱਕ ਵਾਰ ਫੇਰ ਬੇਨਕਾਬ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨਤਾ ਨੂੰ ਚੁਣੌਤੀ ਦੇਣ ਦੀ ਇਹ ਕਾਰਵਾਈ ਸਿੱਖ ਹਿਰਦੇ ਵਲੂੰਧਰਨ ਵਾਲੀ ਹੈ । ਉਹਨਾਂ ਨੇ ਅਕਾਲੀ ਦਲ ਵੱਲੋਂ ਭਾਜਪਾ ਤੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪਹਿਲਾਂ ਅਕਾਲੀ ਦਲ ਆਪਣੀ ਪੀੜੀ ਹੇਠ ਸੋਟਾ ਫੇਰੇ ਅਤੇ ਫਿਰ ਦੂਸਰਿਆਂ ਤੇ ਉਂਗਲ ਚੁੱਕੇ। ਉਹਨਾਂ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਆਪਣੇ ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦੇਵੇ ਅਤੇ ਇਸ ਦੇ ਆਗੂ ਆਪਣੇ ਗੁਨਾਹਾਂ ਦਾ ਸਪਸ਼ਟੀਕਰਨ ਦੇਣ ਫਿਰ ਭਾਜਪਾ ਦੀ ਗੱਲ ਕਰਨ ਤਾਂ ਬਿਹਤਰ ਹੋਵੇਗਾ।