ਚੰਡੀਗੜ੍ਹ/ਗੁਰਕਿਰਪਾ ਬਿਊਰੋ/ 21 ਜਨਵਰੀ ,2025
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਟਰੱਸਟੀ ਤੇ ਸਿੱਖ ਵਿਦਵਾਨ ਪ੍ਰਿੰਸੀਪਲ ਰਾਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰਾ ਅਫ਼ਸੋਸ ਪ੍ਰਗਟ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪ੍ਰਿੰਸੀਪਲ ਰਾਮ ਸਿੰਘ ਸਿੱਖ ਕੌਮ ਦੇ ਉੱਘੇ ਵਿਦਵਾਨ ਸਨ, ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵੱਡੇ ਕਾਰਜ ਕੀਤੇ। ਉਨ੍ਹਾਂ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਸਿੱਖ ਸੰਸਥਾਵਾਂ ਨਾਲ ਰਲ ਕੇ ਸਕੂਲਾਂ ਕਾਲਜਾਂ ਵਿਚ ਧਰਮ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਰਾਮ ਸਿੰਘ ਦੇ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਅਤੇ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ।
ਐਡਵੋਕੇਟ ਧਾਮੀ ਨੇ ਪ੍ਰਿੰਸੀਪਲ ਰਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਹਿਗੁਰੂ ਦੇ ਚਰਨਾ ਵਿਚ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਚਰਨਾ ਵਿਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਵੀ ਪ੍ਰਿੰਸੀਪਲ ਰਾਮ ਸਿੰਘ ਦੇ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।